ਸਾਗ ਚੰਗਾ ਬਣਿਆ? - Prabha Prinja

LET US SMILE
ਸਾਡਾ ਇੱਕ ਕੁਲੀਗ ਪੀਣ ਦਾ ਆਦੀ ਸੀ। ਅਕਸਰ ਦਫਤਰੋਂ ਛੁੱਟੀ ਤੋਂ ਬਾਅਦ ਉਹ ਪੀਣ ਦਾ ਕੋਈ ਨਾ ਕੋਈ ਜੁਗਾੜ ਬਣਾ ਹੀ ਲੈਂਦਾ ਸੀ। ਇੱਕ ਦਿਨ ਉਹਨੇ ਆਪਣੀ ਹੱਡਬੀਤੀ ਸੁਣਾਈ। 

ਕਹਿੰਦਾ:- "ਇੱਕ ਦਿਨ ਮੈਂ ਆਪਣੇ ਰੌਂਅ ਵਿੱਚ ਛੁੱਟੀ ਤੋਂ ਬਾਅਦ ਘਰ ਜਾ ਰਿਹਾ ਸੀ ਕਿ ਸਬਜੀ ਵਾਲੀਆਂ ਫੜੀਆਂ ਕੋਲੋਂ ਲੰਘਦਿਆਂ ਸਾਗ ਵੇਖ ਕੇ ਸਾਈਕਲ ਨੂੰ ਬਰੇਕ ਲਾਈ ਤੇ ਇਸ਼ਾਰੇ ਨਾਲ ਹੀ ਸਾਗ ਦਾ ਭਾਅ ਪੁੱਛਿਆ। ਫੜ੍ਹੀ ਵਾਲੇ ਦੇ ਮੂੰਹੋਂ ਪੰਜ ਰੁਪਏ ਦਾ ਸਾਰਾ ਸੁਣ ਕੇ ਉਹਨੂੰ ਪੰਜ ਦਾ ਨੋਟ ਫੜਾ ਸਾਗ ਸਾਈਕਲ ਦੇ ਕੈਰੀਅਰ ਉੱਤੇ ਰੱਖਣ ਨੂੰ ਕਿਹਾ। ਉਹਨੇ ਫਟਾਫਟ ਸਾਗ ਰੱਖਕੇ ਸਾਈਕਲ ਸਟੈਂਡ ਤੋਂ ਲਾਹ ਕੇ ਹੈਂਡਲ ਮੇਰੇ ਹੱਥ ਫੜਾਇਆ। ਮੈਂ ਘਰ ਜਾਂਦਿਆ ਸਾਈਕਲ ਕੰਧ ਨਾਲ ਲਾ ਕੇ ਘਰਵਾਲੀ ਨੂੰ ਅਵਾਜ਼ ਦਿੱਤੀ," ਬਈ ਸਾਈਕਲ ਪਿੱਛੋਂ ਸਾਗ ਲਾਹ ਲਈ ਤੇ ਰੋਟੀ ਮੈਂ ਖਾਕੇ ਆਇਆਂ ਹਾਂ।"
ਅਗਲੇ ਦਿਨ ਮੈਂ ਦਫਤਰੋਂ ਸਿੱਧਾ ਘਰ ਪਹੁੰਚਿਆ। ਰਾਤ ਨੂੰ ਘਰਵਾਲੀ ਫੁਲਕੇ ਬਣਾ ਰਹੀ ਸੀ। ਮੈਂ ਮੰਜੇ ਤੇ ਬੈਠੇ ਨੇ ਸਵਾਲ ਕੀਤਾ ,"ਸਾਗ ਚੰਗਾ ਬਣਿਆ?" ਉਹਨੇ ਕੋਈ ਜਵਾਬ ਨਾ ਦਿੱਤਾ ਤੇ ਮੇਜ ਉੱਤੇ ਰੋਟੀ ਦੀ ਥਾਲੀ ਗੁੱਸੇ ਨਾਲ ਰੱਖ ਅਗਲਾ ਫੁਲਕਾ ਵੇਲਣ ਲੱਗੀ। ਮੈਂ ਸੋਚਿਆ ਇੰਨੂ ਕੀ ਹੋਇਆ ਅੱਜ ਤਾਂ ਆਪਾਂ ਆਏ ਵੀ ਸੌਫੀ ਆਂ। ਥਾਲੀ ਵਿੱਚ ਝਾਤੀ ਮਾਰੀ ਤੇ ਬਾਟੀ ਵਿੱਚ ਮੂੰਗੀ ਦੀ ਦਾਲ ਵੇਖ ਹੌਸਲਾ ਜਿਹਾ ਕਰਕੇ ਫਿਰ ਪੁੱਛਿਆ," ਕੀ ਗੱਲ ਸਾਗ ਨੀ ਬਣਾਇਆ?" ਇੰਨੇ ਨੂੰ ਉਹ ਅਗਲਾ ਫੁਲਕਾ ਥਾਲੀ ਵਿੱਚ ਸੁੱਟ ਕੇ ਬੋਲੀ, "ਸਾਗ ਸਰ੍ਹੋਂ ਦਾ ਬਣਦਾ ਏ ਮੂਲੀਆਂ ਦੇ ਸੜੇ ਪੱਤਿਆਂ ਦਾ ਨਹੀਂ।"
ਆਪਣੀ ਗਲਤੀ ਦਾ ਅਹਿਸਾਸ ਹੋਇਆ। ਨਲਕੇ ਤੋਂ ਚੂਲੀ ਕਰਦਿਆਂ ਹੌਲੀ ਜਿਹੀ ਕਿਹਾ," ਦਾਲ ਬੜੀ ਸਵਾਦ ਬਣੀ ਅੱਜ।"
😀😀😀😀😀😀😀😀😀😀😀

Comments

Popular posts from this blog

ਨੀ ਕੁੜੀਓ ਮੈਂ ਸਧਾਰਨ ਜੇ ! - Prabha Prinja

ਨਹੀਂ ਭਾਅ ਜੀ ਮੈਂ ਨਹੀਂ ਜਾਣ ਦੇਣਾ। - Prabha Prinja

ਕਿ ਉਹ ਲੇਟ ਹੋ ਗਿਆ ! - Prabha Prinja