ਕਿ ਉਹ ਲੇਟ ਹੋ ਗਿਆ ! - Prabha Prinja

LET US SMILE
ਸਾਲ 1982 ਦੀ ਗੱਲ ਹੈ। ਅਸੀਂ ਕਿਰਾਏ ਤੇ ਇੱਕ ਮਕਾਨ ਦੇ ਚੁਬਾਰੇ ਵਿੱਚ ਰਹਿੰਦੇ ਸੀ। ਮਕਾਨ ਮਾਲਕ ਚੰਗੇ ਸੀ।
ਸਾਡੇ ਕੋਲ ਦੋ ਫੋਲਡਿੰਗ ਬੈੱਡ ਤੇ ਇਕ ਕੁਰਸੀ ਹੀ ਹੁੰਦੀ ਸੀ। ਦੋ ਕੁ ਮਹੀਨੇ ਬਾਅਦ ਅਸੀਂ ਪਿੰਡੋਂ ਡਬਲ ਬੈੱਡ ਲੈ ਆਂਦਾ। ਸਾਡੀ ਮਕਾਨ ਮਾਲਕਨ ਉਪੱਰ ਆਈ ਤੇ ਮੈਨੂੰ ਪੁੱਛਣ ਲੱਗੀ," ਪ੍ਰਭਾ ਬੈੱਡ ਤੇਰੇ ਦਾਜ ਦੇ ਆ?" ਮੈਂ ਹਾਂ ਵਿੱਚ ਸਿਰ ਹਿਲਾਇਆ ਕਹਿੰਦੀ,"ਮੇਰੀ ਭੈਣ ਨੂੰ ਵੀ ਅਸੀਂ ਇਹੋ ਜਿਹੇ ਬੈੱਡ ਦਿੱਤੇ ਸੀ। ਭੈਣ ਮੇਰੀ ਤੇਰੇ ਵਰਗੀ ਉੱਚੀ, ਲੰਮੀ ਜਵਾਨ, ਮਰ ਗਈ ਸੀ ਵਿਚਾਰੀ।"

ਮਹੀਨੇ ਕੁ ਬਾਅਦ ਅਸੀਂ ਅਲਮਾਰੀ ਲਿਆਂਦੀ ਉਹ ਘਰ ਨਹੀਂ ਸੀ।ਸ਼ਾਮ ਨੂੰ ਜਦੋਂ ਘਰ ਆਈ ਤਾਂ ਸਿੱਧੀ ਉੱਪਰ ਆਈ ਤੇ ਕਹਿੰਦੀ," ਮੈਨੂੰ ਗਲੀ ਵਿਚੋਂ ਪਤਾ ਲੱਗਾ ਤੁਸੀਂ ਅਲਮਾਰੀ ਲਿਆਂਦੀ।" ਮੈਂ ਅਲਮਾਰੀ ਵੱਲ ਇਸ਼ਾਰਾ ਕਰਕੇ ਕਿਹਾ,"ਹਾਂਜੀ" ਫਿਰ ਉਹੀ ਸਵਾਲ ਕਿ ਦਾਜ ਦੀ ਆ,ਮੈਂ ਕਿਹਾ ਨਹੀਂ ਇੱਥੋਂ ਲਿਆਂਦੀ ਰਾਮ ਬਾਗ ਤੋਂ। ਸੁਣ ਕੇ ਕਹਿੰਦੀ ਅੱਛਾ! ਅਸੀਂ ਤਾਂ ਆਪਣੀ ਭੈਣ ਨੂੰ ਦਾਜ ਵਿੱਚ ਦਿੱਤੀ ਸੀ ਇਹੋ ਜਿਹੀ। ਉਂਝ ਮੇਰੀ ਭੈਣ ਵੀ ਤੇਰੇ ਵਰਗੀ ਉੱਚੀ ਲੰਮੀ ਜਵਾਨ ਸੀ, ਮਰ ਗਈ ਸੀ ਵਿਚਾਰੀ।" ਉਸ ਤੋਂ ਬਾਅਦ ਅਸੀਂ ਥੋੜਾ ਚਿਰ ਕੋਈ ਨਵੀਂ ਚੀਜ਼ ਘਰ ਨਾ ਲਿਆਂਦੀ।
ਇਕ ਦਿਨ ਸਕੂਟਰ ਤੋਂ ਡਿੱਗ ਕੇ ਮੇਰੀ ਲੱਤ ਤੇ ਸੱਟ ਲੱਗ ਗਈ।ਸਕੂਟਰ ਕਿਸੇ ਦਾ ਮੰਗ ਕੇ ਲੈਕੇ ਗਏ ਸਾਂ ਉਦੋਂ ਸਾਡੇ ਕੋਲ ਸਾਈਕਲ ਹੀ ਸੀ।ਸ਼ਾਮ ਨੂੰ ਮਕਾਨ ਮਾਲਕਣ ਪੁੱਛੇ,ਕੀ ਹੋਇਆ? ਮੈਂ ਹੌਲੀ ਜਿਹੀ ਕਿਹਾ," ਮਾੜਾ ਜਿਹਾ ਲੋਹਾ ਵੱਜ ਗਿਆ।" 
ਕਹਿੰਦੀ,"ਲਾਜ ਕਰਾ ਚੰਗੀ ਤਰ੍ਹਾਂ ਮੇਰੇ ਮਾਮੇ ਦੇ ਮੁੰਡੇ ਦੇ ਵੀ ਲੋਹਾ ਵੱਜਾ ਸੀ ਬੜਾ ਉੱਚਾ ਲੰਮਾ ਜਵਾਨ--------।" ਮੈਂ ਉਹਦੀ ਗੱਲ ਵਿੱਚੇ ਟੋਕ ਕੇ ਪੁੱਛਿਆ,"ਹੈਗਾ?" ਕਹਿੰਦੀ, ਨਹੀਂ ਕੱਲ ਹੀ ਡਾਕਟਰਾਂ ਜਬਾਬ ਦੇ ਦਿੱਤਾ, ਘੜੀਆਂ ਪਲਾਂ ਤੇ ਆ ਵਿਚਾਰਾ।"
ਮੈਂ ਸੋਚਾਂ ਮੈਨੂੰ ਸੱਟ ਪਹਿਲਾਂ ਲੱਗ ਗਈ ਕਿ ਉਹ ਲੇਟ ਹੋ ਗਿਆ। ਇਹ ਹੁਣ ਤੁਸੀਂ ਸੋਚੋ।😀😀😀😀😀😀😀

Comments

Popular posts from this blog

ਨੀ ਕੁੜੀਓ ਮੈਂ ਸਧਾਰਨ ਜੇ ! - Prabha Prinja

ਨਹੀਂ ਭਾਅ ਜੀ ਮੈਂ ਨਹੀਂ ਜਾਣ ਦੇਣਾ। - Prabha Prinja