Posts

ਬਾਬੇ ਦੀ ਰਹਿਸਲ - Prabha Prinja

Image
LET US SMILE ਸਾਡੇ ਪਿਤਾ ਜੀ(ਸਹੁਰਾ ਸਾਹਿਬ) ਦਾ ਰੰਗ ਗੋਰਾ, ਵਾਲ ਦੁੱਧ ਚਿੱਟੇ,ਤੇ ਮੂੰਹ ਵਿੱਚ ਇੱਕ ਵੀ ਦੰਦ ਨਹੀਂ ਸੀ। ਵੇਖਣ ਨੂੰ ਅੰਗਰੇਜ਼ ਹੀ ਲੱਗਦੇ ਸੀ।ਖਾਣ ਪੀਣ ਦੇ ਸ਼ੌਕੀਨ ਤੇ ਦਿਲ ਦੇ ਜਵਾਨ ।ਹਾਸਾ ਮਜਾਕ ਕਰਨ ਵਿੱਚ ਸਭ ਤੋਂ ਅੱਗੇ। ਉਹਨਾਂ ਨੂੰ ਸਾਰੇ ਸ਼ਾਹ ਕਹਿ ਕੇ ਹੀ ਬੁਲਾਉਂਦੇ ਸੀ। ਇੱਕ ਦਿਨ ਇੱਕ ਬੀਬੀ ਪਿੰਡੋਂ ਦੁਕਾਨ ਤੇ ਕਪੜਾ ਲੈਣ ਲਈ ਆਈ।ਪਿਤਾ ਜੀ ਤੋਂ ਥੋੜੀ ਹੀ ਛੋਟੀ ਉਮਰ ਦੀ ਹੋਵੇਗੀ।ਬਾਰ ਬਾਰ ਕਹੇ, ਬਾਬਾ ਔਹ ਸੂਟ ਵਖਾਈਂ, ਬਾਬਾ ਆਹ ਸੂਟ ਵਖਾਈਂ। ਨਾ ਸੂਟ ਪਸੰਦ ਆਵੇ ਤੇ ਨਾ ਮੂੰਹੋਂ ਬਾਬਾ ਨਿਕਲਨੋਂ ਹਟੇ। ਪਿਤਾ ਜੀ ਗੁੱਸੇ ਨਾਲ ਭਰੇ ਪੀਤੇ ਥਾਣ ਉਹਨੂੰ ਵਖਾਈ ਜਾ ਰਹੇ ਸੀ।ਜਦੋਂ ਉਹਨੇ ਉੱਚੀ ਸਾਰੀ ਕਿਹਾ,"ਨਹੀਂ ਨਹੀਂ ਬਾਬਾ ਔਹ ਨਹੀਂ ਆਹ ਜਿਹੜਾ ਸੱਜੇ ਪਾਸੇ ਆ ਬਾਬਾ ਔਹ।" ਪਿਤਾ ਜੀ ਨੂੰ ਚੜ੍ਹਿਆ ਗੁੱਸਾ,ਜਮੀਨ ਤੇ ਗਜ ਖੜਕਾ ਕਹਿੰਦੇ ," ਚੱਲ ਉੱਠ ਇੱਥੋਂ ਤਿੱਤਰ ਹੋ, ਤੂੰ ਲੀੜੇ ਲੈਣ ਆਈਂ ਐਂ ਕਿ ਬਾਬੇ ਦੀ ਰਹਿਸਲ ਕਰਨ ਆਈਂ ਐਂ?" ਹੱਟੀ ਵਿੱਚ ਬੈਠੇ ਸਾਰੇ ਗਾਹਕ ਹੱਸਣ ਲੱਗ ਪਏ ਤੇ ਉਹ ਦਵਾਦਵ ਉੱਠ ਕੇ ਹੱਟੀਓਂ ਬਾਹਰ ਹੋ ਗਈ। 😀 😀 😀 😀 😀 😀 😀

ਕਦੇ ਆਪਾਂ ਵੀ ਨਿੱਕੇ ਹੁੰਦੇ ਸੀ। - Prabha Prinja

Image
LET US SMILE ਕਦੇ ਆਪਾਂ ਵੀ ਨਿੱਕੇ ਹੁੰਦੇ ਸੀ। ਮੋਟੇ ਲੂਣ ਨਾਲ ਖੱਟੀ ਖੱਟੀ ਇਮਲੀ ਨੂੰ ਚਟਕੋਰੇ ਲੈ ਕੇ ਖਾਣ ਦਾ ਮਜਾ ਹੀ ਹੋਰ ਹੁੰਦਾ ਸੀ। ਪੰਜ ਪੈਸੇ ਦੀ ਕਿੰਨੀ ਸਾਰੀ ਇਮਲੀ ਆ ਜਾਂਦੀ ਸੀ ਜੋ ਅਸੀਂ ਸਾਰੇ ਬੱਚੇ ਰਲ ਕੇ ਖਾ ਲੈਂਦੇ ਸੀ। ਸਾਂਝੇ ਵਿਹੜੇ ਵਿੱਚ ਅਸੀਂ 23-24 ਮੈਂਬਰ ਰਹਿੰਦੇ ਸੀ। ਇੱਕ ਦਿਨ ਮੇਰੀ ਭਤੀਜੀ ਅੰਜੂ ਇਮਲੀ ਲੈਕੇ ਆਈ। ਸਾਰੇ ਖਾਂਦੇ ਹੋਏ ਇਮਲੀ ਦੇ ਤਰੀਫਾਂ ਦੇ ਪੁੱਲ ਬੰਨ ਰਹੇ ਸੀ। ਮੈ ਅੰਜੂ ਨੂੰ ਪੁੱਛਿਆ," ਕਿ ਅੱਜ ਇਮਲੀ ਕਿੱਥੋਂ ਲੈ ਕੇ ਆਈ ਐਂ ਬੜੀ ਸਵਾਦ ਏ।"  ਉਹਦਾ ਜਵਾਬ ਸੀ," ਭੂਆ ਜੀ ਹੀਰੇ ਕੋਲੋਂ। " ਮੈਂ ਕਿਹਾ," ਉਹ ਕੌਣ, ਅੱਗੇ ਤਾਂ ਤੂੰ ਮੂਲੇ ਦੀ ਹੱਟੀ ਤੋਂ ਲਿਆਉਂਦੀ ਸੀ।" ਉਹ ਮੈਨੂੰ ਹੀਰੇ ਦੀ ਹੱਟੀ ਸਮਝਾਉਣ ਲੱਗੀ। ਪਰ ਮੈਨੂੰ ਕੋਈ ਸਮਝ ਨਾ ਆਈ। ਗੱਲ ਆਈ ਗਈ ਹੋ ਗਈ। ਇੱਕ ਦਿਨ ਮੈਂ ਤੇ ਅੰਜੂ ਬਜਾਰੋਂ ਵਾਪਸ ਆ ਰਹੀਆਂ ਸੀ ਕਿ ਅੰਜੂ ਨੇ ਇੱਕ ਦੁਕਾਨ ਅੱਗੇ ਖਲੋ ਕੇ ਮੇਰੀ ਬਾਂਹ ਫੜਕੇ ਮੈਨੂੰ ਖਿੱਚਿਆ ਤੇ ਦੁਕਾਨ ਦੇ ਬਾਹਰ ਖਲੋਤੇ ਆਦਮੀ ਵੱਲ ਹੱਥ ਕਰਕੇ ਉੱਚੀ ਸਾਰੀ ਕਹਿੰਦੀ," ਭੂਆ ਜੀ ਆਹ ਜੇ ਹੀਰਾ।" ਮੈਂ ਹੀਰੇ ਨੂੰ ਤਾਂ ਕੀ ਵੇਖਣਾ ਸੀ ਅੰਜੂ ਨੂੰ ਧੂਹ ਕੇ ਫਟਾਫਟ ਘਰ ਪਹੁੰਚੀ ਤੇ ਆ ਕੇ ਸਾਰਿਆਂ ਨੂੰ ਗੱਲ ਸੁਣਾਈ ਤੇ ਸਾਰੇ ਹੱਸ ਹੱਸ ਦੂਹਰੇ ਹੋਏ। ਤੁਹਾਨੂੰ ਪਤਾ ਨਹੀਂ ਹਾਸਾ ਆਵੇ ਕਿ ਨਾਂ। 😀 😀 😀 😀 😀 😀

ਬੋਲਾ - Prabha Prinja

Image
LET US SMILE ਸਾਡੇ ਪਿਤਾ ਜੀ(ਸਹੁਰਾ ਸਾਹਿਬ) ਗੁੱਸੇ ਦੇ ਨਾਲ ਨਾਲ ਮਜਾਕੀਆ ਸੁਭਾਅ ਕਰਕੇ ਭਿੱਖੀਵਿੰਡ ਅੱਡੇ ਤੇ ਜਾਣੇ ਜਾਂਦੇ ਸੀ। ਕੋਈ ਉਨ੍ਹਾਂ ਦੇ ਮਜਾਕ ਦਾ ਗੁੱਸਾ ਨਹੀਂ ਸੀ ਕਰਦਾ। ਇੱਕ ਦਿਨ ਉਨ੍ਹਾਂ ਕੋਲ ਕਿਸੇ ਪਿੰਡੋਂ ਇੱਕ ਬਜੁਰਗ ਆਇਆ ਤੇ ਉਨ੍ਹਾਂ ਨੂੰ ਪੁੱਛਣ ਲੱਗਾ ਕਿ ਨ੍ਹਾਮੇ ਪੱਲੇਦਾਰ ਕਿੱਥੇ ਹੁੰਦਾ? ਪਿਤਾ ਜੀ ਨੇ ਸੜਕੋਂ ਪਾਰ ਇਸ਼ਾਰਾ ਕਰਦਿਆਂ ਕਿਹਾ, "ਉਹ ਸਾਹਮਣੇ ਜਿਹੜਾ ਸਬਜੀ ਦੀ ਰੇਹੜੀ ਲਾਗੇ ਪੈਰਾਂ ਭਾਰ ਧੁੱਪੇ ਬੈਠਾ ਉਹ ਨ੍ਹਾਮਾ ਈ ਆ ਪਰ ਉਹਨੂੰ ਜਰਾ ਉੱਚੀ ਸੁਣਦਾ ਈ।" ਇੰਨੇ ਨੂੰ ਪਿਤਾ ਜੀ ਨੇ ਦੋ ਚਾਰ ਬੰਦਿ ਆਂ ਨੂੰ ਆਪਣੇ ਕੋਲ ਅਵਾਜ ਮਾਰ ਕੇ ਸਾਰੀ ਗੱਲ ਦੱਸੀ। ਬਜੁਰਗ ਸੜਕ ਪਾਰ ਕਰਕੇ ਨ੍ਹਾਮੇ ਦੇ ਸਾਹਮਣੇ ਪੈਰਾਂ ਭਾਰ ਬਹਿ ਕੇ ਉੱਚੀ ਸਾਰੀ ਕਹਿੰਦਾ," ਨ੍ਹਾਮਿਆ ਬੁੱਢੜੀ ਮਰ ਗੀ ਊ।" ਨ੍ਹਾਮੇ ਨੇ ਸੋਚਿਆ ਬਜੁਰਗ ਬੋਲਾ ਏ। ਉਹ ਵੀ ਉੱਚੀ ਸਾਰੀ ਕਹਿੰਦਾ," ਕਦੋਂ" ਬਜੁਰਗ ਹੋਰ ਉੱਚੀ ਬੋਲਿਆ," ਤੜਕੇ ਪੰਜ ਵਜੇ।" ਉਹ ਦੋਵੇਂ ਇੱਕ ਦੂਜੇ ਨੂੰ ਬੋਲਾ ਸਮਝ ਕੇ ਕਿੰਨਾ ਚਿਰ ਉੱਚੀ ਉੱਚੀ ਗੱਲਾਂ ਕਰਦੇ ਰਹੇ ਤੇ ਪਿਤਾ ਜੀ ਕੋਲ ਖੜੇ ਸਾਰੇ ਬੰਦੇ ਹੱਥ ਤੇ ਹੱਥ ਮਾਰ ਕੇ ਹੱਸਦੇ ਰਹੇ। 😀 😀 😀 😀 😀 😀 😀

ਪਤੀਸਾ - Prabha Prinja

Image
LET US SMILE 27-28 ਸਾਲ ਪਹਿਲਾਂ ਦੀ ਗੱਲ ਅਸੀਂ ਹਰ ਸ਼ਨੀਵਾਰ ਦੀ ਤਰ੍ਹਾਂ ਆਪਣੇ ਪਿੰਡ ਭਿੱਖੀਵਿੰਡ ਗਏ। ਮੇਰੀ ਨਨਾਣ ਤੇ ਨਨਾਣਵਈਆ (ਜੀਜਾ ਜੀ)ਵੀ ਨਾਲ ਸੀ।  ਦੁਪਹਿਰ ਦਾ ਵੇਲਾ ਸੀ। ਸਾਡੇ ਪਿਤਾ ਜੀ (ਸਹੁਰਾ ਸਾਹਿਬ) ਦੀ ਭੈਣ ਜੋ ਕਿ ਨੇੜੇ ਦੇ ਪਿੰਡ ਸੁਰਸਿੰਘ ਵਿੱਚ ਰਹਿੰਦੀ ਸੀ, ਉੱਥੇ ਆ ਗਈ। ਚਾਹ ਬਣਾਉਣ ਲੱਗੇ ਤਾਂ ਜੀਜਾ ਜੀ ਕਹਿੰਦੇ ,"ਅੱਜ ਭੂਆ ਨੂੰ ਪਤੀਸਾ ਖਵਾਉਂਦੇ ਆ।" ਕਿਸੇ ਨੂੰ ਭੇਜ ਕੇ ਜੀਜਾ ਜੀ ਨੇ ਪਤੀਸਾ ਮੰਗਵਾਇਆ ਤੇ ਪਲੇਟ ਵਿੱਚ ਪਾ ਕੇ ਸਭ ਤੋਂ ਪਹਿਲਾਂ ਭੂਆ ਅੱਗੇ ਕੀਤਾ। ਭੂਆ ਨੇ ਜੀਜਾ ਜੀ ਦੇ ਹੱਥੋਂ ਪਲੇਟ ਫੜ ਲਈ ਤੇ ਹੌਲੀ ਹੌਲੀ ਖਾਣ ਲੱਗੀ। ਚਾਹ ਪੀ ਕੇ ਭੂਆ ਕਹਿੰਦੀ," ਆਹ ਜਰਾ ਖਬਾਰ ਦਈਂ।" ਬਾਕੀ ਬਚਿਆ ਪਤੀਸਾ ਅਖਬਾਰ ਵਿੱਚ ਲਪੇਟ ਕੇ ਭੂਆ ਨੇ ਚੁੰਨੀ ਪੱਲੇ ਬੰਨ੍ਹ ਲਿਆ ਤੇ ਕਹਿਣ ਲੱਗੀ," ਬਾਕੀ ਘਰ ਜਾਕੇ ਖਾ ਲੂੰਗੀ।" ਅਸੀਂ ਸਾਰੇ ਜਿਹੜੇ ਮੂੰਹ ਸਵਾਰ ਕੇ ਬੈਠੇ ਸੀ ਭੂਆ ਦੀ ਚੁੰਨੀ ਪੱਲੇ ਬੱਧੇ ਪਤੀਸੇ ਵੱਲ ਭੁੱਖਿਆਂ ਵਾਂਗੂ ਵੇਖ ਰਹੇ ਸੀ। ਉਸ ਦਿਨ ਤੋਂ ਭੂਆ ਦਾ ਨਾ ਭੂਆ ਪਤੀਸਾ ਪੈ ਗਿਆ। 😉 😉 😉 😉 😉 😉 😉

ਕਿ ਉਹ ਲੇਟ ਹੋ ਗਿਆ ! - Prabha Prinja

Image
LET US SMILE ਸਾਲ 1982 ਦੀ ਗੱਲ ਹੈ। ਅਸੀਂ ਕਿਰਾਏ ਤੇ ਇੱਕ ਮਕਾਨ ਦੇ ਚੁਬਾਰੇ ਵਿੱਚ ਰਹਿੰਦੇ ਸੀ। ਮਕਾਨ ਮਾਲਕ ਚੰਗੇ ਸੀ। ਸਾਡੇ ਕੋਲ ਦੋ ਫੋਲਡਿੰਗ ਬੈੱਡ ਤੇ ਇਕ ਕੁਰਸੀ ਹੀ ਹੁੰਦੀ ਸੀ। ਦੋ ਕੁ ਮਹੀਨੇ ਬਾਅਦ ਅਸੀਂ ਪਿੰਡੋਂ ਡਬਲ ਬੈੱਡ ਲੈ ਆਂਦਾ। ਸਾਡੀ ਮਕਾਨ ਮਾਲਕਨ ਉਪੱਰ ਆਈ ਤੇ ਮੈਨੂੰ ਪੁੱਛਣ ਲੱਗੀ," ਪ੍ਰਭਾ ਬੈੱਡ ਤੇਰੇ ਦਾਜ ਦੇ ਆ?" ਮੈਂ ਹਾਂ ਵਿੱਚ ਸਿਰ ਹਿਲਾਇਆ ਕਹਿੰਦੀ,"ਮੇਰੀ ਭੈਣ ਨੂੰ ਵੀ ਅਸੀਂ ਇਹੋ ਜਿਹੇ ਬੈੱਡ ਦਿੱਤੇ ਸੀ। ਭੈਣ ਮੇਰੀ ਤੇਰੇ ਵਰਗੀ ਉੱਚੀ, ਲੰਮੀ ਜਵਾਨ, ਮਰ ਗਈ ਸੀ ਵਿਚਾਰੀ।" ਮਹੀਨੇ ਕੁ ਬਾਅਦ ਅਸੀਂ ਅਲਮਾਰੀ ਲਿਆਂਦੀ ਉਹ ਘਰ ਨਹੀਂ ਸੀ।ਸ਼ਾਮ ਨੂੰ ਜਦੋਂ ਘਰ ਆਈ ਤਾਂ ਸਿੱਧੀ ਉੱਪਰ ਆਈ ਤੇ ਕਹਿੰਦੀ," ਮੈਨੂੰ ਗਲੀ ਵਿਚੋਂ ਪਤਾ ਲੱਗਾ ਤੁਸੀਂ ਅਲਮਾਰੀ ਲਿਆਂਦੀ।" ਮੈਂ ਅਲਮਾਰੀ ਵੱਲ ਇਸ਼ਾਰਾ ਕਰਕੇ ਕਿਹਾ,"ਹਾਂਜੀ" ਫਿਰ ਉਹੀ ਸਵਾਲ ਕਿ ਦਾਜ ਦੀ ਆ,ਮੈਂ ਕਿਹਾ ਨਹੀਂ ਇੱਥੋਂ ਲਿਆਂਦੀ ਰਾਮ ਬਾਗ ਤੋਂ। ਸੁਣ ਕੇ ਕਹਿੰਦੀ ਅੱਛਾ! ਅਸੀਂ ਤਾਂ ਆਪਣੀ ਭੈਣ ਨੂੰ ਦਾਜ ਵਿੱਚ ਦਿੱਤੀ ਸੀ ਇਹੋ ਜਿਹੀ। ਉਂਝ ਮੇਰੀ ਭੈਣ ਵੀ ਤੇਰੇ ਵਰਗੀ ਉੱਚੀ ਲੰਮੀ ਜਵਾਨ ਸੀ, ਮਰ ਗਈ ਸੀ ਵਿਚਾਰੀ।" ਉਸ ਤੋਂ ਬਾਅਦ ਅਸੀਂ ਥੋੜਾ ਚਿਰ ਕੋਈ ਨਵੀਂ ਚੀਜ਼ ਘਰ ਨਾ ਲਿਆਂਦੀ। ਇਕ ਦਿਨ ਸਕੂਟਰ ਤੋਂ ਡਿੱਗ ਕੇ ਮੇਰੀ ਲੱਤ ਤੇ ਸੱਟ ਲੱਗ ਗਈ।ਸਕੂਟਰ ਕਿਸੇ ਦਾ ਮੰਗ ਕੇ ਲੈਕੇ ਗਏ ਸਾਂ ਉਦੋਂ ਸਾਡੇ ਕੋਲ ਸਾਈਕਲ ਹੀ ਸੀ।ਸ਼ਾਮ ਨ

ਸਾਗ ਚੰਗਾ ਬਣਿਆ? - Prabha Prinja

Image
LET US SMILE ਸਾਡਾ ਇੱਕ ਕੁਲੀਗ ਪੀਣ ਦਾ ਆਦੀ ਸੀ। ਅਕਸਰ ਦਫਤਰੋਂ ਛੁੱਟੀ ਤੋਂ ਬਾਅਦ ਉਹ ਪੀਣ ਦਾ ਕੋਈ ਨਾ ਕੋਈ ਜੁਗਾੜ ਬਣਾ ਹੀ ਲੈਂਦਾ ਸੀ। ਇੱਕ ਦਿਨ ਉਹਨੇ ਆਪਣੀ ਹੱਡਬੀਤੀ ਸੁਣਾਈ।  ਕਹਿੰਦਾ:- "ਇੱਕ ਦਿਨ ਮੈਂ ਆਪਣੇ ਰੌਂਅ ਵਿੱਚ ਛੁੱਟੀ ਤੋਂ ਬਾਅਦ ਘਰ ਜਾ ਰਿਹਾ ਸੀ ਕਿ ਸਬਜੀ ਵਾਲੀਆਂ ਫੜੀਆਂ ਕੋਲੋਂ ਲੰਘਦਿਆਂ ਸਾਗ ਵੇਖ ਕੇ ਸਾਈਕਲ ਨੂੰ ਬਰੇਕ ਲਾਈ ਤੇ ਇਸ਼ਾਰੇ ਨਾਲ ਹੀ ਸਾਗ ਦਾ ਭਾਅ ਪੁੱਛਿਆ। ਫੜ੍ਹੀ ਵਾਲੇ ਦੇ ਮੂੰਹੋਂ ਪੰਜ ਰੁਪਏ ਦਾ ਸਾਰਾ ਸੁਣ ਕੇ ਉਹਨੂੰ ਪੰਜ ਦਾ ਨੋਟ ਫੜਾ ਸਾਗ ਸਾਈਕਲ ਦੇ ਕੈਰੀਅਰ  ਉੱਤੇ ਰੱਖਣ ਨੂੰ ਕਿਹਾ। ਉਹਨੇ ਫਟਾਫਟ ਸਾਗ ਰੱਖਕੇ ਸਾਈਕਲ ਸਟੈਂਡ ਤੋਂ ਲਾਹ ਕੇ ਹੈਂਡਲ ਮੇਰੇ ਹੱਥ ਫੜਾਇਆ। ਮੈਂ ਘਰ ਜਾਂਦਿਆ ਸਾਈਕਲ ਕੰਧ ਨਾਲ ਲਾ ਕੇ ਘਰਵਾਲੀ ਨੂੰ ਅਵਾਜ਼ ਦਿੱਤੀ," ਬਈ ਸਾਈਕਲ ਪਿੱਛੋਂ ਸਾਗ ਲਾਹ ਲਈ ਤੇ ਰੋਟੀ ਮੈਂ ਖਾਕੇ ਆਇਆਂ ਹਾਂ।" ਅਗਲੇ ਦਿਨ ਮੈਂ ਦਫਤਰੋਂ ਸਿੱਧਾ ਘਰ ਪਹੁੰਚਿਆ। ਰਾਤ ਨੂੰ ਘਰਵਾਲੀ ਫੁਲਕੇ ਬਣਾ ਰਹੀ ਸੀ। ਮੈਂ ਮੰਜੇ ਤੇ ਬੈਠੇ ਨੇ ਸਵਾਲ ਕੀਤਾ ,"ਸਾਗ ਚੰਗਾ ਬਣਿਆ?" ਉਹਨੇ ਕੋਈ ਜਵਾਬ ਨਾ ਦਿੱਤਾ ਤੇ ਮੇਜ ਉੱਤੇ ਰੋਟੀ ਦੀ ਥਾਲੀ ਗੁੱਸੇ ਨਾਲ ਰੱਖ ਅਗਲਾ ਫੁਲਕਾ ਵੇਲਣ ਲੱਗੀ। ਮੈਂ ਸੋਚਿਆ ਇੰਨੂ ਕੀ ਹੋਇਆ ਅੱਜ ਤਾਂ ਆਪਾਂ ਆਏ ਵੀ ਸੌਫੀ ਆਂ। ਥਾਲੀ ਵਿੱਚ ਝਾਤੀ ਮਾਰੀ ਤੇ ਬਾਟੀ ਵਿੱਚ ਮੂੰਗੀ ਦੀ ਦਾਲ ਵੇਖ ਹੌਸਲਾ ਜਿਹਾ ਕਰਕੇ ਫਿਰ ਪੁੱਛਿਆ," ਕੀ ਗੱਲ ਸਾਗ ਨੀ ਬਣਾਇਆ?"