Posts

Showing posts from December 10, 2017

ਬਾਬੇ ਦੀ ਰਹਿਸਲ - Prabha Prinja

Image
LET US SMILE ਸਾਡੇ ਪਿਤਾ ਜੀ(ਸਹੁਰਾ ਸਾਹਿਬ) ਦਾ ਰੰਗ ਗੋਰਾ, ਵਾਲ ਦੁੱਧ ਚਿੱਟੇ,ਤੇ ਮੂੰਹ ਵਿੱਚ ਇੱਕ ਵੀ ਦੰਦ ਨਹੀਂ ਸੀ। ਵੇਖਣ ਨੂੰ ਅੰਗਰੇਜ਼ ਹੀ ਲੱਗਦੇ ਸੀ।ਖਾਣ ਪੀਣ ਦੇ ਸ਼ੌਕੀਨ ਤੇ ਦਿਲ ਦੇ ਜਵਾਨ ।ਹਾਸਾ ਮਜਾਕ ਕਰਨ ਵਿੱਚ ਸਭ ਤੋਂ ਅੱਗੇ। ਉਹਨਾਂ ਨੂੰ ਸਾਰੇ ਸ਼ਾਹ ਕਹਿ ਕੇ ਹੀ ਬੁਲਾਉਂਦੇ ਸੀ। ਇੱਕ ਦਿਨ ਇੱਕ ਬੀਬੀ ਪਿੰਡੋਂ ਦੁਕਾਨ ਤੇ ਕਪੜਾ ਲੈਣ ਲਈ ਆਈ।ਪਿਤਾ ਜੀ ਤੋਂ ਥੋੜੀ ਹੀ ਛੋਟੀ ਉਮਰ ਦੀ ਹੋਵੇਗੀ।ਬਾਰ ਬਾਰ ਕਹੇ, ਬਾਬਾ ਔਹ ਸੂਟ ਵਖਾਈਂ, ਬਾਬਾ ਆਹ ਸੂਟ ਵਖਾਈਂ। ਨਾ ਸੂਟ ਪਸੰਦ ਆਵੇ ਤੇ ਨਾ ਮੂੰਹੋਂ ਬਾਬਾ ਨਿਕਲਨੋਂ ਹਟੇ। ਪਿਤਾ ਜੀ ਗੁੱਸੇ ਨਾਲ ਭਰੇ ਪੀਤੇ ਥਾਣ ਉਹਨੂੰ ਵਖਾਈ ਜਾ ਰਹੇ ਸੀ।ਜਦੋਂ ਉਹਨੇ ਉੱਚੀ ਸਾਰੀ ਕਿਹਾ,"ਨਹੀਂ ਨਹੀਂ ਬਾਬਾ ਔਹ ਨਹੀਂ ਆਹ ਜਿਹੜਾ ਸੱਜੇ ਪਾਸੇ ਆ ਬਾਬਾ ਔਹ।" ਪਿਤਾ ਜੀ ਨੂੰ ਚੜ੍ਹਿਆ ਗੁੱਸਾ,ਜਮੀਨ ਤੇ ਗਜ ਖੜਕਾ ਕਹਿੰਦੇ ," ਚੱਲ ਉੱਠ ਇੱਥੋਂ ਤਿੱਤਰ ਹੋ, ਤੂੰ ਲੀੜੇ ਲੈਣ ਆਈਂ ਐਂ ਕਿ ਬਾਬੇ ਦੀ ਰਹਿਸਲ ਕਰਨ ਆਈਂ ਐਂ?" ਹੱਟੀ ਵਿੱਚ ਬੈਠੇ ਸਾਰੇ ਗਾਹਕ ਹੱਸਣ ਲੱਗ ਪਏ ਤੇ ਉਹ ਦਵਾਦਵ ਉੱਠ ਕੇ ਹੱਟੀਓਂ ਬਾਹਰ ਹੋ ਗਈ। 😀 😀 😀 😀 😀 😀 😀

ਕਦੇ ਆਪਾਂ ਵੀ ਨਿੱਕੇ ਹੁੰਦੇ ਸੀ। - Prabha Prinja

Image
LET US SMILE ਕਦੇ ਆਪਾਂ ਵੀ ਨਿੱਕੇ ਹੁੰਦੇ ਸੀ। ਮੋਟੇ ਲੂਣ ਨਾਲ ਖੱਟੀ ਖੱਟੀ ਇਮਲੀ ਨੂੰ ਚਟਕੋਰੇ ਲੈ ਕੇ ਖਾਣ ਦਾ ਮਜਾ ਹੀ ਹੋਰ ਹੁੰਦਾ ਸੀ। ਪੰਜ ਪੈਸੇ ਦੀ ਕਿੰਨੀ ਸਾਰੀ ਇਮਲੀ ਆ ਜਾਂਦੀ ਸੀ ਜੋ ਅਸੀਂ ਸਾਰੇ ਬੱਚੇ ਰਲ ਕੇ ਖਾ ਲੈਂਦੇ ਸੀ। ਸਾਂਝੇ ਵਿਹੜੇ ਵਿੱਚ ਅਸੀਂ 23-24 ਮੈਂਬਰ ਰਹਿੰਦੇ ਸੀ। ਇੱਕ ਦਿਨ ਮੇਰੀ ਭਤੀਜੀ ਅੰਜੂ ਇਮਲੀ ਲੈਕੇ ਆਈ। ਸਾਰੇ ਖਾਂਦੇ ਹੋਏ ਇਮਲੀ ਦੇ ਤਰੀਫਾਂ ਦੇ ਪੁੱਲ ਬੰਨ ਰਹੇ ਸੀ। ਮੈ ਅੰਜੂ ਨੂੰ ਪੁੱਛਿਆ," ਕਿ ਅੱਜ ਇਮਲੀ ਕਿੱਥੋਂ ਲੈ ਕੇ ਆਈ ਐਂ ਬੜੀ ਸਵਾਦ ਏ।"  ਉਹਦਾ ਜਵਾਬ ਸੀ," ਭੂਆ ਜੀ ਹੀਰੇ ਕੋਲੋਂ। " ਮੈਂ ਕਿਹਾ," ਉਹ ਕੌਣ, ਅੱਗੇ ਤਾਂ ਤੂੰ ਮੂਲੇ ਦੀ ਹੱਟੀ ਤੋਂ ਲਿਆਉਂਦੀ ਸੀ।" ਉਹ ਮੈਨੂੰ ਹੀਰੇ ਦੀ ਹੱਟੀ ਸਮਝਾਉਣ ਲੱਗੀ। ਪਰ ਮੈਨੂੰ ਕੋਈ ਸਮਝ ਨਾ ਆਈ। ਗੱਲ ਆਈ ਗਈ ਹੋ ਗਈ। ਇੱਕ ਦਿਨ ਮੈਂ ਤੇ ਅੰਜੂ ਬਜਾਰੋਂ ਵਾਪਸ ਆ ਰਹੀਆਂ ਸੀ ਕਿ ਅੰਜੂ ਨੇ ਇੱਕ ਦੁਕਾਨ ਅੱਗੇ ਖਲੋ ਕੇ ਮੇਰੀ ਬਾਂਹ ਫੜਕੇ ਮੈਨੂੰ ਖਿੱਚਿਆ ਤੇ ਦੁਕਾਨ ਦੇ ਬਾਹਰ ਖਲੋਤੇ ਆਦਮੀ ਵੱਲ ਹੱਥ ਕਰਕੇ ਉੱਚੀ ਸਾਰੀ ਕਹਿੰਦੀ," ਭੂਆ ਜੀ ਆਹ ਜੇ ਹੀਰਾ।" ਮੈਂ ਹੀਰੇ ਨੂੰ ਤਾਂ ਕੀ ਵੇਖਣਾ ਸੀ ਅੰਜੂ ਨੂੰ ਧੂਹ ਕੇ ਫਟਾਫਟ ਘਰ ਪਹੁੰਚੀ ਤੇ ਆ ਕੇ ਸਾਰਿਆਂ ਨੂੰ ਗੱਲ ਸੁਣਾਈ ਤੇ ਸਾਰੇ ਹੱਸ ਹੱਸ ਦੂਹਰੇ ਹੋਏ। ਤੁਹਾਨੂੰ ਪਤਾ ਨਹੀਂ ਹਾਸਾ ਆਵੇ ਕਿ ਨਾਂ। 😀 😀 😀 😀 😀 😀

ਬੋਲਾ - Prabha Prinja

Image
LET US SMILE ਸਾਡੇ ਪਿਤਾ ਜੀ(ਸਹੁਰਾ ਸਾਹਿਬ) ਗੁੱਸੇ ਦੇ ਨਾਲ ਨਾਲ ਮਜਾਕੀਆ ਸੁਭਾਅ ਕਰਕੇ ਭਿੱਖੀਵਿੰਡ ਅੱਡੇ ਤੇ ਜਾਣੇ ਜਾਂਦੇ ਸੀ। ਕੋਈ ਉਨ੍ਹਾਂ ਦੇ ਮਜਾਕ ਦਾ ਗੁੱਸਾ ਨਹੀਂ ਸੀ ਕਰਦਾ। ਇੱਕ ਦਿਨ ਉਨ੍ਹਾਂ ਕੋਲ ਕਿਸੇ ਪਿੰਡੋਂ ਇੱਕ ਬਜੁਰਗ ਆਇਆ ਤੇ ਉਨ੍ਹਾਂ ਨੂੰ ਪੁੱਛਣ ਲੱਗਾ ਕਿ ਨ੍ਹਾਮੇ ਪੱਲੇਦਾਰ ਕਿੱਥੇ ਹੁੰਦਾ? ਪਿਤਾ ਜੀ ਨੇ ਸੜਕੋਂ ਪਾਰ ਇਸ਼ਾਰਾ ਕਰਦਿਆਂ ਕਿਹਾ, "ਉਹ ਸਾਹਮਣੇ ਜਿਹੜਾ ਸਬਜੀ ਦੀ ਰੇਹੜੀ ਲਾਗੇ ਪੈਰਾਂ ਭਾਰ ਧੁੱਪੇ ਬੈਠਾ ਉਹ ਨ੍ਹਾਮਾ ਈ ਆ ਪਰ ਉਹਨੂੰ ਜਰਾ ਉੱਚੀ ਸੁਣਦਾ ਈ।" ਇੰਨੇ ਨੂੰ ਪਿਤਾ ਜੀ ਨੇ ਦੋ ਚਾਰ ਬੰਦਿ ਆਂ ਨੂੰ ਆਪਣੇ ਕੋਲ ਅਵਾਜ ਮਾਰ ਕੇ ਸਾਰੀ ਗੱਲ ਦੱਸੀ। ਬਜੁਰਗ ਸੜਕ ਪਾਰ ਕਰਕੇ ਨ੍ਹਾਮੇ ਦੇ ਸਾਹਮਣੇ ਪੈਰਾਂ ਭਾਰ ਬਹਿ ਕੇ ਉੱਚੀ ਸਾਰੀ ਕਹਿੰਦਾ," ਨ੍ਹਾਮਿਆ ਬੁੱਢੜੀ ਮਰ ਗੀ ਊ।" ਨ੍ਹਾਮੇ ਨੇ ਸੋਚਿਆ ਬਜੁਰਗ ਬੋਲਾ ਏ। ਉਹ ਵੀ ਉੱਚੀ ਸਾਰੀ ਕਹਿੰਦਾ," ਕਦੋਂ" ਬਜੁਰਗ ਹੋਰ ਉੱਚੀ ਬੋਲਿਆ," ਤੜਕੇ ਪੰਜ ਵਜੇ।" ਉਹ ਦੋਵੇਂ ਇੱਕ ਦੂਜੇ ਨੂੰ ਬੋਲਾ ਸਮਝ ਕੇ ਕਿੰਨਾ ਚਿਰ ਉੱਚੀ ਉੱਚੀ ਗੱਲਾਂ ਕਰਦੇ ਰਹੇ ਤੇ ਪਿਤਾ ਜੀ ਕੋਲ ਖੜੇ ਸਾਰੇ ਬੰਦੇ ਹੱਥ ਤੇ ਹੱਥ ਮਾਰ ਕੇ ਹੱਸਦੇ ਰਹੇ। 😀 😀 😀 😀 😀 😀 😀