ਅੰਬ, ਨੈਪਕਿਨ ਤੇ ਚੰਮਚ - Prabha Prinja
LET US SMILE
35 ਸਾਲ ਪੁਰਾਣੀ ਗੱਲ ਅਸੀਂ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਬਣਾਇਆ। ਜਾਣ ਲੱਗਿਆਂ ਮੇਰੀ ਕੁਲੀਗ ਸਰੋਜ ਜੋ ਕਿ ਜਿਲਾ ਸਿਖਿਆ ਦਫਤਰ ਐਲੀਮੈਂਟਰੀ ਵਿਖੇ ਸਰਵਿਸ ਕਰਦੇ ਸੀ ਨੇ,ਮੈਨੂੰ ਉਹਦੇ ਚੰਡੀਗੜ੍ਹ ਰਹਿੰਦੇ ਭਰਾ ਭਰਜਾਈ ਕੋਲੋਂ ਕੁੱਝ ਕਾਗਜ਼ ਲਿਆਉਣ ਲਈ ਕਿਹਾ।
ਅਸੀਂ ਆਪਣੇ ਕੰਮ ਨਿਪਟਾ ਕੇ 20 ਸੈਕਟਰ ਵਿੱਚ ਉਹਨਾਂ ਦੇ ਘਰ ਗਏ। ਗਰਮੀ ਦਾ ਮੌਸਮ ਹੋਣ ਕਰਕੇ ਠੰਡਾ ਪਿਆਉਣ ਤੋਂ ਬਾਅਦ ਉਹਨਾਂ ਸਾਡੇ ਸਾਹਮਣੇ ਅੰਬ ਕੱਟਕੇ ਪਲੇਟ ਵਿੱਚ ਰੱਖੇ। ਨਾਲ ਹੀ ਟੇਬਲ ਉੱਤੇ ਪੇਪਰ ਨੈਪਕਿਨ ਤੇ ਚੰਮਚ ਵੀ ਰੱਖ ਦਿੱਤੇ। ਉਹਨਾਂ ਦੋ ਤਿੰਨ ਵਾਰ ਸਾਨੂੰ ਅੰਬ ਫੜਨ ਵਾਸਤੇ ਕਿਹਾ ਪਰ ਆਪਾਂ ਨਾਂਹ ਨੁੱਕਰ ਹੀ ਕਰਦੇ ਰਹੇ ਕਿਉਂ ਕਿ ਚੰਮਚ ਨਾਲ ਅੰਬ ਆਪਾਂ ਪਹਿਲੀ ਵਾਰੀ ਖਾਣਾ ਸੀ ਉਹ ਵੀ ਕਿਸੇ ਦੇ ਘਰ। ਸਾਡੇ ਬਾਰ ਬਾਰ ਨਾਂਹ ਕਰਨ ਤੇ ਮੇਰੀ ਕੁਲੀਗ ਦੀ ਭਰਜਾਈ ਨੇ ਨੈਪਕਿਨ ਉੱਤੇ ਅੰਬ ਰੱਖ ਕੇ ਸਾਡੇ ਦੋਵਾਂ ਦੇ ਹੱਥਾਂ ਵਿੱਚ ਚੰਮਚ ਵੀ ਫੜਾ ਦਿੱਤੇ। ਅਸੀਂ ਇੱਕ ਦੂਜੇ ਵੱਲ ਵੇਖ ਰਹੇ ਸੀ ਕਿ ਹੁਣ ਕੀ ਕਰੀਏ। ਉਸੇ ਵੇਲੇ ਅੰਦਰੋਂ ਕਿਸੇ ਬੱਚੇ ਨੇ ਅਵਾਜ਼ ਦਿੱਤੀ ਤੇ ਮੇਰੀ ਕੁਲੀਗ ਦੀ ਭਰਜਾਈ ਅੰਦਰ ਚਲੇ ਗਈ। ਸਾਡੇ ਸਾਹ ਵਿੱਚ ਸਾਹ ਆਇਆ।ਆਪਾਂ ਫਟਾਫਟ ਦੇਸੀ ਤਰੀਕੇ ਨਾਲ ਅੰਬ ਖਾਦਾ ਤੇ ਛਿਲਕਾ ਦੂਹਰਾ ਕਰਕੇ ਫਟਾਫਟ ਟੇਬਲ ਤੇ ਪਈ ਪਲੇਟ ਵਿੱਚ ਰੱਖ ਦਿੱਤਾ। ਇੰਨੇ ਨੂੰ ਭਰਜਾਈ ਅੰਦਰ ਆਈ ਤੇ ਅੰਬਾਂ ਵਾਲੀ ਪਲੇਟ ਚੁੱਕ ਕੇ ਦੁਬਾਰਾ ਸਾਡੇ ਵੱਲ ਕਰਨ ਹੀ ਲੱਗੀ ਸੀ ਕਿ ਇੱਕ ਦਮ ਖੜੇ ਹੋ ਕੇ ਅਸੀਂ ਉਨ੍ਹਾਂ ਕੋਲੋਂ ਵਿਦਾ ਲਈ ਤੇ ਕਾਹਲੇ ਪੈਰੀਂ ਬਾਹਰ ਆ ਕੇ ਖੁੱਲ੍ਹ ਕੇ ਸਾਹ ਲਿਆ।

Comments
Post a Comment