"ਕਿਹੜਾ ਲੋਹਾ ਦਿੱਤਾ? - Prabha Prinja

LET US SMILE
ਕਾਫੀ ਪੁਰਾਣੀ ਗੱਲ ਹੈ। ਮੇਰੀ ਉਮਰ ਉਦੋਂ ਕੋਈ 12-13 ਸਾਲ ਦੀ ਹੋਵੇਗੀ। ਮੈਂ ਤੇ ਮੇਰੇ ਬੀਜੀ ਘਰ ਵਿੱਚ ਇੱਕਲੇ ਸੀ। ਸਾਡਾ ਵਿਹੜਾ ਕੱਚਾ ਹੁੰਦਾ ਸੀ। ਮੇਰੇ ਬੀਜੀ ਬੌਕਰ (ਉਦੋਂ ਅਸੀਂ ਝਾੜੂ ਨਹੀਂ ਬੌਕਰ ਕਹਿੰਦੇ ਸੀ) ਮਾਰ ਰਹੇ ਸੀ ਤੇ ਮੈਂ ਪਿੱਛੇ ਪਿੱਛੇ ਗੋਹਾ ਫੇਰ ਰਹੀ ਸੀ। ਮੇਰੇ ਬੀਜੀ ਬੌਕਰ ਫੇਰ ਕੇ ਨਲਕੇ ਤੋਂ ਹੱਥ ਧੋਂਦੇ ਧੋਂਦੇ ਕਹਿੰਦੇ ," ਪੀਪੇ ਵਿੱਚ ਲੋਹਾ ਬੜਾ ਕੱਠਾ ਹੋਇਆ, ਕਬਾੜੀਆ ਆਜੇ ਤੇ ਉਹਨੂੰ ਦੇਕੇ ਆ ਵੀ ਖਲਾਰਾ ਮੁਕਾਈਏ।"

ਬੀਜੀ ਬਜਾਰੋਂ ਸਬਜੀ ਲੈਣ ਚਲੇ ਗਏ। ਮੈਨੂੰ ਗਲੀ ਵਿਚੋਂ ਕਬਾੜੀਏ ਦੀ ਆਵਾਜ਼ ਆਈ। ਮੈਂ ਭੱਜ ਕੇ ਗਈ ਤੇ ਉਹਨੂੰ ਸੱਦ ਕੇ ਪੀਪੇ ਵਾਲਾ ਸਮਾਨ ਲਜਾਣ ਲਈ ਕਿਹਾ। ਉਹਨੇ ਸਾਰਾ ਸਮਾਨ ਬੋਰੀ ਵਿੱਚ ਪਾਇਆ ਤੇ ਪੰਜ ਰੁਪਏ ਦਾ ਨਵਾਂ ਨੋਟ ਮੈਨੂੰ ਦੇਕੇ ਕਾਹਲੀ ਨਾਲ ਚਲਾ ਗਿਆ। ਮੈਂ ਬੜੀ ਖੁਸ਼ ਕਿ ਬੀਜੀ ਨੇ ਅੱਜ ਹੀ ਕਿਹਾ ਤੇ ਅੱਜ ਹੀ ਕੰਮ ਹੋ ਗਿਆ। ਹੱਥ ਵਿੱਚ ਪੰਜ ਰੁਪਏ ਦਾ ਕਰਾਰਾ ਨੋਟ ਫੜੀ ਮੈਂ ਘਰ ਦੇ ਬਾਹਰ ਖਲੋ ਕੇ ਬੀਜੀ ਦੀ ਉਡੀਕ ਕਰਨ ਲੱਗੀ। ਦੂਰੋਂ ਆਉਂਦੇ ਬੀਜੀ ਦਿੱਸੇ। ਮੈਂ ਅੱਗਲਵਾਂਡੀ ਭੱਜ ਕੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਉਹ ਵੀ ਖੁਸ਼ ਹੋਏ। ਸਬਜੀ ਚੌਂਕੇ ਵਿੱਚ ਰੱਖ ਕੇ ਜਦੋਂ ਉਹ ਪਿੱਛੇ ਮੁੜੇ ਉਹਨਾਂ ਦੀ ਨਿਗਾਹ ਜਾਮਨ ਦੇ ਤਨੇ ਪਿੱਛੇ ਪਏ ਪੀਪੇ ਤੇ ਪਈ। ਉਹ ਲੰਮੀ ਲਾਂਘ ਪੁੱਟਕੇ ਨਲਕੇ ਵੱਲ ਹੁੰਦੇ ਹੋਏ ਮੈਨੂੰ ਪੁਛੱਦੇ, "ਕਿਹੜਾ ਲੋਹਾ ਦਿੱਤਾ?" ਮੈਂ ਕਿਹਾ, "ਪੀਪੇ ਵਾਲਾ ਜਿਹੜਾ ਨਲਕੇ ਕੋਲ ਪਿਆ ਸੀ।" ਉਹਨਾਂ ਮੱਥੇ ਤੇ ਤੇ ਹੱਥ ਮਾਰਿਆ ਤੇ ਮੰਜੇ ਤੇ ਬਹਿੰਦੇ ਹੋਏ ਕਹਿੰਦੇ, "ਉਹਨੇ ਨਖੱਤੇ ਨੇ ਹੁਣੇ ਹੀ ਔਣਾ ਸੀ।"
ਦਰਅਸਲ ਜਿਹੜੇ ਪੀਪੇ ਵਾਲਾ ਲੋਹਾ ਮੈਂ ਵੇਚਿਆ ਸੀ, ਉਸ ਵਿੱਚ ਹਥੌੜਾ, ਛੈਣੀ, ਜਮੂਰ,ਰੰਬੇ,ਖੁਰਪੀ,ਸੰਨ੍ਹੀ,ਕਾਂਡੀ, ਗੈਂਤੀ, ਚਾਬੀਆਂ, ਜਿੰਦਰੇ ਅਤੇ ਦਰਵਾਜਿਆਂ ਦੇ ਕੁੰਡੇ ਸੀ।
ਕਬਾੜੀਆ ਕਈ ਮਹੀਨੇ ਸਾਡੀ ਗਲੀ ਵਿੱਚ ਨਜਰ ਨਾ ਆਇਆ।😀😀😀😀😀😀😀

Comments

Popular posts from this blog

ਬੋਲਾ - Prabha Prinja

ਉਹ ਮੈਂ ਆਂ ! - Prabha Prinja

ਚੁਟਕਲਾ - Prabha Prinja